ਇੱਕ ਨਵਾਂ ਸਫਰ, ਮੇਰੇ ਪਿੰਡ ਤੋਂ!

     ਮੈਂ ਅੱਜ ਸਵੇਰੇ ਜਲਦੀ ਉੱਠਿਆ, ਕਿਉਂਕਿ ਅੱਜ ਬਹੁਤ ਸਾਰੇ ਕੰਮ ਕਰਨ ਵਾਲੇ ਸੀ। ਜਲਦੀ ਤਿਆਰ ਹੋ ਕੇ, ਸਭ ਤੋਂ ਪਹਿਲਾਂ ਮੈਂ ਮੋਗਾ ਚਲਿਆ ਗਿਆ। ਉੱਥੇ ਮੈਨੂੰ ਕੁਝ ਬੈਂਕ ਦੇ ਕੰਮ ਸੀ ਜੋ ਪੂਰੇ ਕਰ, ਆਪਣੀ ਗੱਡੀ "ਬਿਲੋ ਰਾਣੀ" ਦੀ EMI ਦੀ ਸਟੇਟਮੈਂਟ ਵੀ ਚੈੱਕ ਕਰਵਾਉਣੀ ਸੀ। ਇਹ ਸਾਰੇ ਕੰਮ ਪੂਰੇ ਕਰਦੇ-ਕਰਦੇ ਦੁਪਹਿਰ ਦੇ ਲਗਭਗ ਦੋ ਵੱਜ ਗਏ।
     ਮੋਗਾ ਤੋਂ ਵਾਪਸ ਆਉਂਦੇ ਹੋਏ, ਵਾਪਸੀ 'ਤੇ ਮੈਂ ਨਾਨਕੇ ਘਰ ਜਾਣਾ ਸੀ ਕਿਉਂਕਿ ਉੱਥੇ ਮਾਤਾ ਜੀ ਮੇਰੀ ਉਡੀਕ ਕਰ ਰਹੇ ਸੀ। ਮੈਂ ਜਾਂਦਾ ਹੋਇਆ ਮਾਤਾ ਜੀ ਨੂੰ ਨਾਨੀ ਦੇ ਘਰ ਛੱਡ ਗਿਆ ਸੀ। ਜਿਵੇਂ ਹੀ ਮੈਂ ਨਾਨੀ ਜੀ ਦੇ ਘਰ ਪਹੁੰਚਿਆ, ਤਾਂ ਦੇਖਿਆ ਕਿ ਮਾਮੀ ਜੀ ਪੁਰਾਣੀਆਂ ਰਜਾਈਆਂ ਅਤੇ ਗਦੇਲਿਆਂ ਨੂੰ ਫੇਰ ਨਵੀਆਂ ਬਣਾਉਣ ਲਈ ਰੂੰ ਕੱਢ ਰਹੇ ਨੇ, ਕਿਉਂਕਿ ਸਰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਪਿੰਡ ਵਿੱਚ ਅਜੇ ਵੀ ਪੁਰਾਣੀਆਂ ਰਜਾਈਆਂ ਅਤੇ ਗਦੇਲਿਆਂ ਵਿੱਚ ਨਵੀਂ ਰੂਈ ਭਰਵਾਈ ਜਾਂਦੀ ਹੈ। ਇਹ ਸਾਰੀ ਪ੍ਰਕਿਰਿਆ ਸਾਨੂੰ ਪੁਰਾਣੇ ਰਹਿਣ ਸਹਿਣ ਦੇ ਤੌਰ-ਤਰੀਕਿਆਂ ਤੋਂ ਜਾਣੂ ਕਰਾਉਂਦੀ ਹੈ। ਇਹ ਪੂਰੀ ਪ੍ਰਕਿਰਿਆ ਬਹੁਤ ਖੂਬਸੂਰਤ ਹੈ ਅਤੇ ਸਾਡੇ ਜੀਵਨ ਦੇ ਪੁਰਾਣੇ ਰੰਗਾਂ-ਢੰਗਾਂ ਨਾਲ ਜੁੜੀ ਹੋਈ ਹੈ। ਫਿਰ ਅਸੀਂ ਖਾਣਾ ਖਾਣ ਲੱਗੇ ਅਤੇ ਮਾਮੀ ਜੀ ਦੀ ਬੇਟੀ ਹਰਮਨ ਦੇ ਸਕੂਲ ਤੋਂ ਆਉਣ ਦੀ ਉਡੀਕ ਕਰਨ ਲੱਗੇ। ਉਹ ਬਹੁਤ ਹੀ ਹੱਸ-ਮੁੱਖ ਤੇ ਚੁਲਬੁਲੀ ਹੈ। ਉਸਦੀ ਮਿੱਠੀ ਆਵਾਜ਼ ਤੇ ਪਿਆਰ ਨਾਲ ਭਰਿਆ 'ਵੀਰੇ-ਵੀਰੇ' ਬੁਲਾਉਣਾ, ਇੱਕ ਅਜੇਹਾ ਰੂਹ ਨੂੰ ਤਸੱਲੀ ਦੇਣ ਵਾਲਾ ਸਕੂਨ ਹੈ, ਜਿਸ ਵਿੱਚ ਸੱਚ-ਮੁੱਚ ਕੁਝ ਜਾਦੂ ਵਰਗਾ ਹੁੰਦਾ ਹੈ।। ਗੱਲਾਂ-ਬਾਤਾਂ ਕਰਦੇ-ਕਰਦੇ, ਨਾਨੀ ਜੀ ਨੂੰ ਵੀ ਸਾਡੇ ਨਾਲ ਆਉਣ ਦਾ ਮਨ ਕਰ ਗਿਆ ਤਾਂ ਅਸੀਂ ਉਹਨਾਂ ਨੂੰ ਵੀ ਗੱਡੀ ਵਿੱਚ ਬਿਠਾ ਕੇ ਘਰ ਲੈ ਆਏ। ਉਸ ਵੇਲੇ ਤਕਰੀਬਨ ਚਾਰ ਵੱਜ ਗਏ ਸੀ ਤੇ ਮੈਂ ਆ ਕੇ ਖਾਣਾ ਖਾਧਾ ਅਤੇ ਫਿਰ ਆਪਣੇ ਸਟੂਡੀਓ ਵਿੱਚ ਕਿਸੇ ਕਿਤਾਬ ਲਈ ਰਿਸਰਚ ਕਰਨ ਲੱਗਿਆ। ਮੈਨੂੰ ਇਹ ਬਹੁਤ ਪਸੰਦ ਹੈ, ਕਿਉਂਕਿ ਨਵੇਂ-ਨਵੇਂ ਵਿਸ਼ਿਆਂ ’ਤੇ ਰਿਸਰਚ ਕਰਕੇ ਅਸੀਂ ਕੁਝ ਨਵਾਂ ਸਿੱਖਦੇ ਹਾਂ ਅਤੇ ਆਪਣੇ ਆਪ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਬਾਅਦ, ਮੈਂ ਪਿੰਡ ਦੇ ਸਰਪੰਚ ਸਾਹਿਬ ਨੂੰ ਮਿਲਿਆ ਅਤੇ ਕੁਝ ਖਾਸ ਵਿਚਾਰ ਸਾਂਝੇ ਕੀਤੇ। ਅਸੀਂ ਸੋਚ ਰਹੇ ਸਾਂ ਕਿ ਇਕ ਹਫ਼ਤਾ ਲੈ ਕੇ ਸਾਰੇ ਮਹੱਤਵਪੂਰਣ ਲੋਕਾਂ ਨੂੰ ਸ਼ਾਮਿਲ ਕਰਕੇ ਕੋਈ ਫੈਸਲਾ ਕਰਨਾ ਚਾਹੀਦਾ ਹੈ, ਤਾਂ ਜੋ ਕੁਝ ਵਧੀਆ ਹੱਲ ਤੱਕ ਪਹੁੰਚਿਆ ਜਾ ਸਕੇ। ਅੱਜ ਦਾ ਦਿਨ ਪੂਰੀ ਤਰ੍ਹਾਂ ਦੁਰਲੱਭ ਰਿਹਾ, ਭਾਵੇਂ ਨਾ ਕੁਝ ਰੈਸਟ ਮਿਲਿਆ ਅਤੇ ਨਾ ਕਿਸੇ ਮਨੋਰੰਜਨ ਲਈ ਫਿਲਮ ਦੇਖਣ ਦਾ ਮੌਕਾ, ਪਰ ਫਿਰ ਵੀ ਅੱਜ ਦਾ ਦਿਨ ਨਵੇਂ ਵਿਚਾਰਾਂ ਅਤੇ ਉਮੀਦਾਂ ਨਾਲ ਭਰਿਆ ਰਿਹਾ।

https://www.facebook.com/share/p/bQCLA6oYKRGqbRU7/?mibextid=CTbP7E

Comments

Popular posts from this blog

ਮਟੀ! ਕੋਈ ਬਹਿਮ ਨਹੀਂ।

ਇਮਤਿਹਾਨ ਦੀ ਉਡੀਕ